ਕਹਾਣੀ ”ਬਰੋਟੇ ਹੇਠ ਧੁੱਪ” ਦੇ ਕੁਝ ਅੰਸ਼

1-

ਰੱਬਾ ਜੇ ਮੇਰੇ ਵੱਸ ਹੁੰਦਾ ਮੈਂ ਇਹ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰਾਂ ਦੀ ਪੰਡ ਬੰਨ੍ਹ ਲੈ ਜਾਂਦਾ ਆਪਣੇ ਪਿੰਡ ਤੇ ਨਾਲ ਹੀ ਲੈ ਜਾਂਦਾ ਗਾਚ ਕਰਕੇ ਆ ਖਾਲੀ ਪਈ ਡਿੱਗੀ ਜਿਹੜੀ ਕਦੇ ਕਦਾਈਂ ਹੀ ਖੁਸ਼ਕਿਸਮਤੀ ਸਦਕਾ ਹੀ ਭਰਦੀ ਹੋਵੇਗੀ ਕੰਡਿਆਂ ਤੀਕ । ਇਹਨਾਂ ਸਭ ਨਿਆਮਤਾਂ ਨੂੰ ਟਿਕਾ ਦਿੰਦਾ ਆਪਣੇ ਪਿੰਡ ਦੇ ਵਿਚਕਾਰ, ਡਿੱਗੀ ਦੇ ਆਲੇ ਦੁਆਲੇ ਰੇਤ ਦੇ ਟਿੱਬੇ, ਜੰਡ, ਮਲ੍ਹੇ-ਝਾੜੀਆਂ ,ਕਰੀਰ । ਅੰਦਰੋਂ ਟੁੱਟੇ ਲੋਕਾਂ ਦਾ ਤੀਰਥ ਸਥਾਨ । ਜਿੱਥੇ ਆ ਮਾਵਾਂ ਆਪਣੇ ਮੋਏ ਪੁੱਤਰਾ ਨੂੰ ਯਾਦ ਕਰਦੀਆਂ । ਅੰਬਰੋਂ ਵਰ੍ਹੇ ਪਾਣੀ ਨਾਲ ਅੱਧੀ ਊਣੀ ਹੋਈ ਡਿੱਗੀ ‘ਚ ਆਪਣੇ ਕੋਸੇ ਹੰਝੂ ਰਲਾ ਆਪਣੇ ਮੁੱਖ ਧੋਂਦੀਆਂ । ਸਦਾ ਲਈ ਅਲਵਿਦਾ ਆਖ ਗਏ ਪੁੱਤਰਾ ਨੂੰ ਰੱਜ ਰੋਂਦੀਆਂ । ਦਿਖਾਵੇ ਦਾ ਕੁਝ ਨਹੀਂ ਸੁੱਚੀਆਂ ਪੀੜਾਂ , ਸੁੱਚੇ ਹਉਕੇ, ਸੁੱਚੇ ਹੰਝੂ…..। ਐਸਾ ਤੀਰਥ ਸਥਾਨ ਜਿੱਥੇ ਅੰਦਰੋਂ ਟੁੱਟੇ ਲੋਕ ਅੰਦਰ ਦਾ ਟਿਕਾਅ ਲੱਭਦੇ, ਤਪੱਸਿਆ ਕਰਦੇ, ਆਪਣੇ ਆਪ ਨੂੰ ਲੱਭਦੇ ਰੁੱਖਾ ਨੂੰ ਗਲ ਲਾ ਰੋਂਦੇ , ਤਾਰਿਆ ਦੀ ਛਾਵੇਂ ਮੇਲੇ ਲੱਗਦੇ ,ਗਮਾਂ ਦੀ ਧੂਣੀ ਲਾ ਸੇਕਦੇ, ਆਪਣਾ ਦੁੱਖ ਆਪਣੇ ਆਪ ਨਾਲ ਵੰਡਦੇ । ਜਦੋਂ ਘਰਾਂ ਨੂੰ ਪਰਤਦੇ ਖੁਸ਼ੀ ਸੰਗ ਭਰੇ ਹੁੰਦੇ, ਆਪਣਾ ਸਹਾਰਾ ਆਪ ਬਣਦੇ ।

2-
ਜਿੰਦਗੀ ਦੇ ਕਿਸੇ ਮੋੜ ਤੇ ਕਦੇ ਮਿਥ ਕੇ ਕਦੇ ਅਚਨਚੇਤ ਅਸੀਂ ਦੋ ਪੰਛੀ ਮੈਂ ਤੇ ਰਵਨੀਤ ਯਾਦਾਂ ਦੇ ਸਾਵੇ ਰੁੱਖ ‘ਤੇ ਆਣ ਮਿਲਦੇ। ਏ ਵੱਖਰੀ ਗੱਲ ਸੀ ਕਿ ਅਸੀਂ ਸਾਂਝਾ ਆਲ੍ਹਣਾ ਨਾ ਪਾ ਸਕੇ ਰਲ ਮਿਲ, ਉਮਰ ਭਰ ਲਈ । ਪਰ ਰਵਨੀਤ ਜਿੰਦਗੀ ਜਿਉਂਦੀ ਹੋਲੀ ਹੋਲੀ ਜਿੰਦਗੀ ਜਿਉਂਣਾ ਭੁੱਲ ਗਈ ਤੇ ਇੱਕ ਦਿਨ ਅਚਨਚੇਤ ਅਣਮਿਥਿਆ ਹੀ ਤਾਰਿਆ ਸੰਗ ਜਾ ਰਲੀ ।
ਰਵਨੀਤ ਜਿਹੇ ਲੋਕ ਕੋਣ ਨੇ ? ਭੁੱਖੇ ਤਿਹਾਏ ਲੋਕ….।

3-
“ਯਾਦ ਏ ਇਸੇ ਜਗ੍ਹਾ ਆਪਾ ਪਹਿਲਾ ਵੀ ਮਿਲੇ ਸੀ, ਜਦੋਂ ਮੇਰੀ ਉਮਰ ਤਪਦੀ ਦੁਪਹਿਰ ਸੀ । ਜਦੋਂ ਮੈਂ ਸਾਰੀਆਂ ਸੰਗਾਂ ਲਾਹ ਤੇਰਾ ਹੱਥ ਆਪਣੇ ਧੜਕਦੇ ਦਿਲ ‘ਤੇ ਧਰਿਆ ਸੀ । ਤੂੰ ਮੇਰਾ ਹੱਥ ਝਟਕਦਿਆਂ ਆਪਣਾ ਹੱਥ ਆਪਣੇ ਦੂਜੇ ਹੱਥ ‘ਚ ਘੁੱਟ ਲਿਆ । ਸ਼ਾਇਦ ਮੇਰੇ ਪਿੰਡੇ ਦੀ ਅਗਨ ਤੂੰ ਸਹਿ ਨਾ ਸਕਿਆ, ਸ਼ਾਇਦ ਮੈਂ ਤੈਨੂੰ ਠੰਢੀ ਸੀਤ ਬਰਫ ਲੱਗੀ ਹੋਵਾਂ ਜਿਵੇਂ ਲਾਸ਼…। ਸ਼ਾਇਦ ਤੂੰ ਸੋਚਿਆ ਹੋਣਾ,ਇਹ ਉਹ ਰਵਨੀਤ ਥੋੜ੍ਹਾ ਜਿਸਨੂੰ ਮੈਂ ਦਿਲੋਂ ਚਾਹੁੰਦਾ ਸੀ । ਇਹ ਤਾਂ ਉਹ ਕੁੜੀ ਏ ਜਿਸਨੂੰ ਉਸ ਦੇ ਬਾਪ ਨੇ ਉਹਦੀ ਮਰਜੀ ਪੁੱਛੇ ਬਿਨਾਂ ਕਿਸੇ ਹੋਰ ਦੇ ਪੱਲੇ ਬੰਨ੍ਹ ਦਿੱਤਾ । ਪਰ ਮੇਰਾ ਦਿਲ ਆਖਦਾ, ਤੂੰ ਅੱਜ ਵੀ ਮੈਨੂੰ ਉਹਨਾਂ ਹੀ ਪਿਆਰ ਕਰਦਾ, ਜਿਹਨਾਂ ਪਿਆਰ ਤੂੰ ਮੈਨੂੰ ਰੀਝਾਂ ਦੀ ਉਮਰੇ ਕਰਦਾ ਸੀ ।”

4-
“ਸਾਰਾ ਪਿੰਡ ਮੇਰੀ ਪਿੱਠ ਪਿੱਛੇ ਮੈਨੂੰ ਗੁਲਾਬੋਂ ਭਾਬੀ ਜਾਂ ਫੇਰ ਮਿੰਨੀ ਬੱਸ ਆਖਦਾ । ਜਿਹੜੇ ਜਿਹੜੇ ਸੱਥ ‘ਚ ਮੇਰੇ ਇਹੀ ਦੋਵੇਂ ਨਾਂ ਲੈ ਮਸ਼ਕਰੀਆਂ ਕਰਦੇ ਨੇ ਇਹਨਾਂ ਕੰਜਰਾ ਨੂੰ ਕੰਜਰ ਕਹਿਣ ਨੂੰ ਵੀ ਜੀਅ ਨਹੀਂ ਕਰਦਾ । ਸਾਰਿਆਂ ਦੀ ਹਿਸਟਰੀ ਜਾਣਦੀ ਆ, ਵੱਡੇ …..। ਇਹ ਤਾਂ ਉਹ ਗੱਲ ਹੋ ਗਈ, ਇਹਨਾਂ ਨੂੰ ਚੋਰ ਨਾ ਆਖੋ, ਨਾ ਆਖੋ ਠੱਗ ਇਹ ਤਾਂ ਉਹਨਾਂ ਤੋਂ ਵੀ ਵੱਡੇ ਜੇ ਇਹਨਾਂ ਨੂੰ ਆਖੋ ਜੀ, ਜੀ, ਜੀ ਹਜੂਰ । ਭਾਵੇਂ ਮੈਂ ਸੋਨੇ ਦੀ ਬਣ ਜਾਂਦੀ ਭਾਵੇਂ ਮੈਂ ਸਬਰ ਕਰ ਲੱਖ ਚੰਗੀ ਬਣ ਬਣ ਬਹਿੰਦੀ ਲੋਕਾਂ ਤਾਂ ਵੀ ਇਹੀ ਆਖਣਾ ਸੀ, ” ਜਨਾਨੀ ਅੰਨ ਬਿਨਾਂ ਭੁੱਖੀ ਰਹਿ ਸਕਦੀ….ਬਿਨਾਂ ਨਹੀਂ|” ਮੈਂ ਇਹ ਸੁਣ ਪਾਣੀ ਪਾਣੀ ਹੋ ਗਿਆ। ਪਰ ਇਹ ਸੱਚ ਸੀ ਉਹ ਵੀ ਪੂਰਾ ਸੱਚ। ਜਿਆਦਾ ਮਰਦਾਵੇਂ ਮੂੰਹ ਘਰੋਂ ਬਾਹਰ ਆਖਦੇ ਵੀ ਹਨ ।
ਮੈਂ ਮਨ ਹੀ ਮਨ ਸੋਚਿਆ ਕਿ, “ਸ਼ਿਵ ਦੀ ਲੂਣਾ ਕਿਸੇ ਵੀ ਯੁੱਗ ‘ਚ ਨਹੀਂ ਮਰ ਸਕਦੀ । ਸ਼ਿਵ ਦੀ ਲੂਣਾ ਅਮਰ ਹੈ। ਹਰ ਯੁੱਗ ‘ਚ ਅਮਰ ਰਹਿਣ ਦਾ ਸਰਾਪ ਹੈ ਸ਼ਿਵ ਦੀ ਲੂਣਾ ਲਈ ।”

5-
ਤੈਨੂੰ ਪਤਾ ਰਵਨੀਤ ਤੂੰ ਮੇਰੇ ਦਿਲ ਦਾ ਇੱਕ ਪਾਸਾ ਮੱਲੀ ਬੈਠੀ ਏ, ਤੂੰ ਦਿਲ ‘ਚੋ ਨਿਕਲਦੀ ਹੀ ਨਹੀਂ । ਰਵਨੀਤ ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਦਾ, ਜਿਸ ਦਿਨ ਤੂੰ ਆਪਣੀਆਂ ਦੋ ਸਹੇਲੀਆਂ ਨਾਲ ਤੇ ਮੈਂ ਆਪਣੇ ਦੋਸਤ ਨਵਨੀਤ ਨਾਲ ਕਾਲਜ ਤੋਂ ਵਾਪਸ ਆਪੋ ਆਪਣੇ ਪਿੰਡ ਆਉਣ ਲਈ ਬੱਸ ਅੱਡੇ ‘ਚ ਬੈਠੇ ਬੱਸ ਦੀ ਉਡੀਕ ਕਰ ਰਹੇ ਸੀ । ਰਵਨੀਤ ਤੂੰ ਆਪਣੀਆਂ ਸਹੇਲੀਆਂ ਨੂੰ ਕਿਹਾ ਸੀ,” ਹਾਰ ਸ਼ਿੰਗਾਰ,ਸੁਰਖੀ, ਬਿੰਦੀ, ਆਪਾ ਨੂੰ ਤਾਂ ਪਸੰਦ ਨਹੀਂ । ਆਪਾ ਤਾਂ ਸਾਦਗੀ ਪਸੰਦ ਆ ।”
ਮੈਂ ਹਾਸੇ ਹਾਸੇ ‘ਚ ਕਹਿ ਬੈਠਾ, ” ਕਿਸੇ ਖਾਸ ਦਿਨ ਕਿਸੇ ਖਾਸ ਲਈ ਹਾਰ ਸ਼ਿੰਗਾਰ ਲਾਉਣਾ ਹੀ ਪੈਣਾ ਇੱਕ ਨਾ ਇੱਕ ਦਿਨ ।”
“ਤੇਰੇ ਬਗੈਰ ਉਹ ਖਾਸ ਦਿਨ ਕਿਵੇਂ ਹੋ ਸਕਦਾ ?” ਇਹ ਗੱਲ ਤੂੰ ਸਾਰਿਆਂ ਸਾਹਮਣੇ ਆਖੀ। ਤੂੰ ਮੇਰੇ ਤੋਂ ਦਲੇਰ ਨਿਕਲੀ ਰਵਨੀਤ।

6-
ਚੰਡੀਗੜ੍ਹੀਆ ਦੀ ਢਾਣੀ ਦੇ ਆਲੇ ਦੁਆਲੇ ਲਹਿਰਾਉਂਦੀਆਂ ਫਸਲਾਂ , ਥੋੜ੍ਹੀ ਥੋੜ੍ਹੀ ਦੂਰੀ ਤੇ ਕੁਝ ਕੱਚੀਆਂ ਕੁਝ ਪੱਕੀਆਂ ਢਾਣੀਆਂ, ਕੱਚੇ ਰਾਹ ਇੰਝ ਲੱਗਦਾ ਜਿਵੇਂ ਆਪਣੇ ਬਜੁਰਗਾਂ ਦੇ ਚੇਤਿਆਂ ‘ਚ ਵੱਸਦੇ ਸਾਂਝੇ ਪੰਜਾਬ ਵਿੱਚ ਆ ਗਿਆ ਹੋਵਾਂ । ਚੰਡੀਗੜ੍ਹੀਆ ਦੀ ਢਾਣੀ ਮੇਰੇ ਨਾਨਕਿਆਂ ਦੀ ਢਾਣੀ ਹੈ । ਮਾਮਿਆਂ ਦਾ ਪਿੰਡ ਚੱਕ 14 ਪੀ ਪਤਰੋੜਾ, ਰਾਜਸਥਾਨ। ਰਾਜਿਆ ਦੀ ਧਰਤੀ ਜਿੱਥੇ ਵੱਸਦੇ ਨੇ ਸਬਰ ਨਾਲ ਭਰੇ ਲੋਕ, ਮੀਂਹ ਦੀ ਉਡੀਕ ਕਰਦੇ ਲੋਕ, ਜਿਹਨਾਂ ਨੂੰ ਕੁਦਰਤ ਨੇ ਬਾਦਸ਼ਾਹ ਥਾਪਿਆ। ਮੇਰੇ ਨਾਨਕਿਆਂ ਦੀ ਢਾਣੀ ਤੋਂ ਅੱਧਾ ਮਰੱਬਾ ਦੂਰ ਬਾਬੇ ਦਿਲਗੀਰ ਦੀ ਢਾਣੀ ਹੈ।

7-
“ਸੁਖਦੀਪ ਅੱਜ ਸਵੇਰੇ ਸਵੇਰੇ ! ਰਾਤੀਂ ਬਾਬੇ ਦਾ ਮਹਿਲ ਤੂੰ ਹੀ ਰੁਸ਼ਨਾਇਆ ਸੀ ਫੇਰ…।”
ਬਾਬੇ ਨੇ ਗੱਲਾਂ ਕਰਦਿਆਂ ਕਰਦਿਆਂ ਵੱਖੀ ਭਾਰ ਹੋਈ ਮੰਜੀ ਨੂੰ ਡਾਹ ਦਿੱਤਾ ।
ਬਾਬੇ ਦੀ ਢਾਣੀ ਤੋਂ ਤਿੰਨ ਚਾਰ ਕਿੱਲੇ ਦੂਰ ਵਗਦੀ ਨਹਿਰ ਹੈ । ਨਹਿਰ ਦੇ ਦੋਵੇਂ ਪਾਸੀ ਦੇਸੀ ਕਿੱਕਰਾਂ ਦੀਆਂ ਕਤਾਰਾਂ ਹਨ ।
“ਸੁਖ ਮਧਾਨ ਨੀਂਦ ਨਹੀਂ ਆਈ ਰਾਤ?” ਬਾਬੇ ਦਿਲਗੀਰ ਨੇ ਹੱਸਦਿਆਂ ਪੁੱਛਿਆ ।
ਇਹ ਨਾਂ ਸੂਣ ਮੈਂ ਹੈਰਾਨੀ ਨਾਲ ਭਰ ਗਿਆ, “ਇਸ ਨਾਂ ਨਾਲ ਤਾਂ ਬਾਬਾ ਜੀ ਮੈਨੂੰ ਲੀਲੂ ਸਾਧ ਸੱਦਦਾ ਹੁੰਦਾ ਸੀ, ਛੋਟੇ ਹੁੰਦੇ ਨੂੰ…। ਅੱਜ ਤੁਸੀਂ ਵੀ ਓਸ ਨਾਂ ਨਾਲ ਸੱਦਿਆ, ਕੀ ਭੇਦ ਏ ਬਾਬਾ ਜੀ ?”
“ਤੂੰ ਸੁਖ ਮਧਾਨ, ਤੂੰ ਸੁਖ ਦੀਪ,ਖੁਸ਼ੀਆਂ ਭਰੀ ਲੋਅ….।” ਬਾਬੇ ਦਿਲਗੀਰ ਦੀਆਂ ਅੱਖਾਂ ‘ਚੋ ਵਗੇ ਹੰਝੂ ਸੰਘਣੀ ਦਾੜ੍ਹੀ ‘ਚ ਅਟਕ ਗਏ । ਬਾਬਾ ਦਿਲਗੀਰ ਕੁਝ ਦੇਰ ਚੁੱਪ ਰਹਿਣ ਪਿੱਛੋਂ ਬੋਲਿਆ, ” ਤਿੜਕੇ ਘੜੇ ਪਾਣੀ ਕੋਣ ਭਰੇ, ਜੋ ਭਰੇ ਪੁੰਨ ਕਰੇ । ਸੁਖਦੀਪ, ਉਹ ਘੜਾ ਵੇਖਦਾ ਤਿੜਕਿਆ ਘੜਾ। ਤਿੜਕੇ ਘੜੇ ਦੀ ਤ੍ਰੇੜ ਨੀਰੂ ਨਾਲ ਭਰ ਮੈਂ ਸੁੱਕਣੇ ਰੱਖਿਆ, ਨੀਰੂ ਸੁੱਕਣ ਬਾਅਦ ਹੁਣ ਘੜਾ ਪਾਣੀ ਸੰਗ ਭਰਿਆ ਰਹਿੰਦਾ ਤੇ ਉਹਦੇ ਨਾਲ ਪਿਆ ਕੋਰਾ ਘੜਾ ਅਜੇ ਤਾਈ ਕੋਰਾ । ਤਿੜਕਿਆ ਸਿੰਮਦਾ ਜਰੂਰ ਏ ਪਰ ਮੈਂ ਪਾਣੀ ਤੋ ਸੱਖਣਾ ਨਹੀਂ ਰਹਿਣ ਦਿੰਦਾ।

8-
ਰਾਤ ਹੋ ਗਈ ਸੀ ਤੇ ਤਾਰਿਆ ਦੀ ਦੀਪ ਮਾਲਾ ਵੀ। ਬਿਨਾਂ ਕੁਝ ਖਾਧਿਆ ਪੀਤਿਆਂ ਹੀ ਅਸੀਂ ਦੋਵੇਂ ਭੁੰਜੇ ਵਿਛੀ ਦਰੀ ‘ਤੇ ਲੰਮੇ ਪੈ ਗਏ । ਮੈਂ ਸੋਚਾਂ ਦੇ ਸਾਗਰਾਂ ‘ਚ ਡੁੱਬਦਾ ਤਰਦਾ ਪਤਾ ਨਹੀਂ ਕਿਸ ਵੇਲੇ ਨੀਂਦ ਦੀ ਬੇੜੀ ‘ਚ ਸਵਾਰ ਹੋ ਗਿਆ ।
“ਆਪਾ ਨੂੰ ਤਾਂ ਇਹਨਾਂ ਪਤਾ ਭਰਾ ਜੇ ਬੰਦਾ ਜਨਾਨੀ ਬਿਨਾਂ ਨਹੀਂ ਰਹਿ ਸਕਦਾ, ਜਨਾਨੀ ਕਿਹੜਾ ਰਹਿ ਸਕਦੀ ਏ ਬੰਦੇ ਬਿਨਾਂ।” ਕੋਈ ਅਣਜਾਣ ਚਿਹਰਾ ਸੀ । ਸ਼ਰਾਰਤੀ ਅੱਖਾਂ ਸ਼ਰਾਰਤੀ ਹਾਸਾ ਹੱਸਦੀਆਂ ।
“ਜਦੋਂ ਕਿਤੇ ਆਉਂਦੀ ਜਾਂਦੀ ਗਲੀ ‘ਚ ਕੋਲ ਦੀ ਲੰਘਦੀ ਏ ਗੁੰਦਵੇਂ ਸਰੀਰ ‘ਚੋ ਮਹਿਕਾ ਖਿਲਾਰਦੀ ਹਿੱਕ ਲੂੰ ਲੰਘ ਜਾਂਦੀ ਏ। ਹਵਾ ‘ਚ ਘੁਲੀ ਮਹਿਕ ਸ਼ਰਾਬ ਵਾਂਗੂੰ ਚੜ੍ਹਦੀ ਏ।” ਦੂਜਾ ਅਣਜਾਣ ਚਿਹਰਾ ਬੁੱਲ੍ਹਾਂ ‘ਤੇ ਜੀਭ ਫੇਰ ਆਖਦਾ ਹੈ ।
“ਬਲਦੀ ਲਾਟ ਨੂੰ ਫੂਕ ਮਾਰ ਠੰਡਾ ਕੋਣ ਕਰੇ….।” ਪਹਿਲੇ ਅਣਜਾਣ ਚਿਹਰੇ ਦੀਆਂ ਅੱਖਾਂ ‘ਚ ਲਾਲਚ ਨੱਚ ਰਿਹਾ।
“ਕੀ ਪਤਾ ਘਰ ਦੀ ਕੰਧ ਘਰ ‘ਚ ਹੀ ਡਿੱਗ ਪਈ ਹੋਵੇ,ਬਿਨਾਂ ਖੜਾਕ….।” ਦੋਵੇਂ ਅਣਜਾਣ ਤਾੜੀ ਮਾਰ ਹੱਸਦੇ ਹਨ।
ਮੈਂ ਅੱਧੀ ਕੱਚੀ ਨੀਂਦੇ ਤ੍ਰਭਕ ਕੇ ਉੱਠਦਾ ਹਾਂ । ਧੌਣ ਸੱਜੇ ਮੋਢੇ ਵੱਲ ਸੁੱਟ ਅੱਖਾਂ ਬੰਦ ਕਰ ਲੈਂਦਾ ਹਾਂ । ਫਿਰ ਸੋਚਾਂ ‘ਚ ਡੁੱਬਦਾ ਸੋਚਦਾ ਹਾਂ , ” ਪੁਰਾਣੇ ਸਮਿਆਂ ‘ਚ ਵਿਧਵਾ ਅੌਰਤ ਸਤੀ ਹੁੰਦੀ ਸੀ,ਜਿਉਂਦੀ ਜਾਗਦੀ ਅੱਗ ‘ਚ ਸੜਦੀ ਸੀ। ਹੁਣ ਵੀ ਜਵਾਨੀ ਵਰੇਸੇ ਵਿਧਵਾ ਹੋਈ ਅੌਰਤ ਰੋਜ ਅੱਗ ‘ਚ ਸੜਦੀ ਏ ਉਹ ਵੀ ਜਿਉਂਦੀ ਜਾਗਦੀ।
ਹਉਕਾ ਭਰ ਆਖਦਾ ਹਾਂ, “ਸੁਖ਼ਨੇ ਸੱਚ ਨਹੀਂ ਹੁੰਦੇ ਪਰ…..ਹਾਏ ਰਵਨੀਤ ਜੇ ਦੁਨੀਆਂ ਜੇ ਮਹਿਫਿਲ ….।” ਲੰਮਾ ਸਾਹ ਅੰਦਰ ਖਿੱਚ, ਛੱਡਦਾ ਹਾਂ । ਲੰਮਾ ਸਾਹ ਅੰਦਰ ਖਿੱਚਦਿਆਂ ਲੱਗਾ ਜਿਵੇਂ ਅੰਦਰੋਂ ਕੁਝ ਦੁਖਿਆ ਹੋਵੇ ।
ਹਉਕਾ ਭਰ ਆਪਣੇ ਆਪ ਨੂੰ ਸਵਾਲ ਕਰਦਾ ਹਾਂ ,”ਇਹ ਕਿਹੋ ਜਿਹੇ ਲੋਕ ਨੇ ਜਿਹਨਾਂ ਨੂੰ ਬੁਝੀ ਅੰਗਿਆਰੀ ਵੀ ਬਲਦੀ ਲਾਟ ਦਿਸਦੀ ਏ?”

9-
“ਸਤਿੰਦਰ, ਜਿਹੜੀ ਕਣਕ ਤੂੰ ਕੇਰੀ ਸੀ ਕੁਤਰ ‘ਚ ਸਿਰ ਦੇ ਵਾਲਾ ਵਾਂਗ ਉੱਗੀ ਏ। ਮੈਂ ਤੈਨੂੰ ਐਵੇਂ ਹੀ ਆਖਦਾ ਰਿਹਾ,”ਕੱਲਿਆ ਕਿਉਂ ਕੇਰੀ ਕਣਕ ਜੇ ਡਰਿੱਲ ਦੇ ਪੋਰ ਬੰਦ ਹੋ ਜਾਂਦੇ ਫੇਰ…? ਤੈਨੂੰ ਨਹੀਂ ਪਤਾ ਸਤਿੰਦਰ ਤੇਰੇ ਹੱਥਾ ਦੀ ਬੀਜੀ ਕਣਕ ਸਿਆੜਾਂ ‘ਚ ਉੱਗੀ ਕਿੰਨੀ ਸੋਹਣੀ ਲੱਗਦੀ ਏ ਮੈਨੂੰ….। ਆ ਸਿਆੜਾਂ ‘ਚ ਉੱਗੀ ਕਣਕ ਤੇਰੀ ਏ ਸਤਿੰਦਰ । ਇਹ ਉਹੀ ਚਬੱਚਾ ਜਿਹਦੇ ਉੱਤੇ ਬਹਿ ਆਪਾ ਦੋਵੇਂ ਚਾਹ ਪੀਂਦੇ , ਤੂੰ ਘੱਟ ਬੋਲਦਾ ਵੱਧ ਸੁਣਦਾ । ਮੈਂ ਤੇਰੇ ਕਿਤੇ ਹਰ ਕੰਮ ‘ਤੇ ਫਿਕਰ ਕਰਦਾ। ਪਰ ਤੂੰ ਤਾਂ ਬਹੁਤ ਦੂਰ ਮੇਰੇ ਤੋਂ ਵੀ ਬਹੁਤ ਅੱਗੇ ਨਿਕਲ ਗਿਆ। ਤੈਨੂੰ ਇਹ ਪਤਾ ਹੋਣਾ ਸਤਿੰਦਰ ਕਿ ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ , ਪਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਿਉਂਦਿਆਂ ਦੇ ਨਾਲ ਜਿਉਂਣਾ ਮਰਿਆ ਦੇ ਨਾਲ ਮਰਨ ਤੋਂ ਵੀ ਔਖਾ ਸਤਿੰਦਰ…। ਤੇਰਾ ਭਤੀਜਾ ਉਮਰੋਂ ਭਾਵੇਂ ਦਸ ਸਾਲ ਦਾ ਪਰ ਗੱਲਾਂ ਉਮਰੋਂ ਵੱਡੀਆਂ ਕਰਦਾ । ਇੱਕ ਦਿਨ ਮੈਨੂੰ ਆਖਦਾ, “ਡੈਡੀ ਤੁਹਾਨੂੰ ਚਾਚਾ ਜੀ ਯਾਦ ਆਉਂਦੇ ਨੇ?”
ਮੈਂ ਕਿਹਾ,”ਹਾਂ..।” ਮੇਰੀਆਂ ਅੱਖਾਂ ‘ਚੋ ਹੰਝੂ ਕਿਰਦੇ ਨਾ ਵੇਖ ਲਏ ਮੈਂ ਮੂੰਹ ਰਜਾਈ ‘ਚ ਲੁਕੋ ਲਿਆ। ਪਤਾ ਨਹੀਂ ਕਿਹੜੇ ਕਿਹੜੇ ਸਵਾਲ ਕਰਦਾ,ਮੇਰੇ ਕੋਲ ਜਵਾਬ ਨਹੀਂ ,ਮੈਂ ਖਿਝ ਜਾਂਦਾ । ਤੂੰ ਵੀ ਤਾਂ ਮੇਰੇ ਪੁੱਤਰ ਸਵੀਤੋਜ ਜਿਹਾ ਹੀ ਸੈਂ, ਚੁੱਪ ਚੁੱਪ ਹੱਸਦਾ ਹੱਸਦਾ ਜਿਵੇਂ ਕਹਿਣਾ ਓਵੇਂ ਹੀ ਮੰਨ ਲੈਣਾ। ਤੇਰੇ ਤੁਰ ਗਿਆ ਪਿੱਛੋਂ ਯਾਦ ਆਉਂਦੀਆਂ ਗੱਲਾਂ…। ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਜਿਉਂਦਿਆਂ ਦੇ ਨਾਲ ਜਿਉਂਣਾ ਪੈਦਾ ਸਤਿੰਦਰ ਹਰ ਹਰ ਹਾਲ..।

10-

ਆਸੇ-ਪਾਸੇ ਨਿਗ੍ਹਾ ਮਾਰੀ ਮੇਰੀ ਨਜਰ ਲਾਲ ਕੱਪੜੇ ‘ਚ ਲਿਪਟੀ ਉਸ ਚੀਜ ਦੇ ਉੱਤੇ ਪਏ ਵਰਕੇ ‘ਤੇ ਜਾ ਟਿਕੀ। ਮੈਂ ਵਰਕੇ ‘ਤੇ ਲਿਖਿਆ ਪੜ੍ਹਨ ਲੱਗਾ, “ਮੇਰੀ ਪੂੰਜੀ ਹੁਣ ਤੇਰੀ ਹੈ ਸੁਖਦੀਪ। ਉਹਦੇ ਅੰਦਰ ਜੜੇ ਹੀਰੇ ਪੰਨੇ ਤੇਰੇ ਹਨ। ਉਹਦਾ ਪਹਿਲਾ ਵਰਕਾ ਮੈਂ ਖਾਲੀ ਰੱਖਿਆ ਸੀ ਉਹਦੇ ਲਈ ਜੋ ਇਸ ਦਾ ਅਸਲੀ ਹੱਕਦਾਰ ਸੀ। ਹੁਣ ਮੈਂ ਉਹ ਵਰਕਾ ਤੇਰੇ ਲਈ ਹੀ ਲਿਖਿਆ, ਲਿਖੇ ਨੂੰ ਵਿਚਾਰੀ। ”
ਮੈਂ ਕੱਪੜਾ ਉਤਾਰਦਾ ਹਾਂ , ਕੱਪੜੇ ਥੱਲੇ ਲੁਕੀ ਹੋਈ ਇੱਕ ਡਾਇਰੀ ਹੈ। ਡਾਇਰੀ ਦੇ ਪਹਿਲੇ ਪੰਨੇ ‘ਤੇ ਮੋਟੇ ਅੱਖਰਾਂ ‘ਚ ਲਿਖਿਆ ਹੈ, ‘ ਮੇਰਾ ਮਹੁੱਬਤੀ ਸਫਰ ‘।     ਦੂਜਾ ਪੰਨਾ ਮੇਰੇ ਨਾਂ ਹੈ ਜੋ ਸ਼ਾਇਦ ਅੱਜ ਤੋਂ ਦੋ ਚਾਰ ਦਿਨ ਪਹਿਲਾ ਖਾਲੀ ਸੀ। ਦੂਜੇ ਪੰਨੇ ‘ਤੇ ਲਿਖਿਆ ਹੈ, “ਪਿਆਰੇ ਸੁਖਦੀਪ, ਮੇਰਾ ਮਹੁੱਬਤੀ ਸਫਰ ਮੇਰਾ ਸਰਮਾਇਆ ਅੱਜ ਤੋਂ ਤੇਰਾ ਹੈ। ਮੇਰੇ ਸੁਖ ਮਧਾਨ, ਹਉਮੈ ਦਾ ਕਿਲ੍ਹਾ ਢਾਹੁਣਾ ਬਹੁਤ ਔਖਾ। ਪੈਰਾ ਹੇਠਲੀ ਧਰਤੀ ਨੂੰ ਸਰ ਕਰਨਾ ਬਹੁਤ ਔਖਾ। ਪਰ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਕਿ ਤੂੰ ਆਪਣੇ ਪੈਰਾ ਹੇਠਲੀ ਧਰਤੀ ਨੂੰ ਜਿੱਤਣਾ ਹੀ ਨਹੀਂ ਸਗੋਂ ਹਉਮੈ ਦਾ ਕਿਲ੍ਹਾ ਵੀ ਢਾਹੁਣਾ ਹੈ। ਜਿੰਦਗੀ ਜਿਉਂਣ ਲਈ ਹੈ,ਮਰਿਆ ਦੇ ਨਾਲ ਮਰਨ ਲਈ ਨਹੀਂ । ਜਿਉਂਣਾ ਸਿੱਖੋ । ਮੈਂ ਤੈਨੂੰ ਫੇਰ ਮਿਲਾਂਗਾ ! ਕਦੋਂ ਪਤਾ ਨਹੀਂ ?
ਤੇਰਾ ਤਾਇਆ,
ਭਜਨ ਸਿੰਘ

11-
ਬੇਬੇ ਇੱਕ ਬਾਤ ਅਕਸਰ ਛੋਟਿਆ ਹੁੰਦਿਆਂ ਸੁਣਾਉਂਦੀ ਸੀ,”ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ।” ਜੋ ਮੈਨੂੰ ਬਹੁਤ ਚੰਗੀ ਲਗਦੀ ਸੀ, ਪਰ ਹੁਣ ਨਹੀਂ ।
“ਹੁਣ ਚੰਗੀ ਕਿਉਂ ਨਹੀਂ ਲੱਗਦੀ ?” ਮੈਂ ਬੇਬੇ ਵਾਂਗੂੰ ਆਪਣੇ ਆਪ ਤੋਂ ਪੁੱਛਿਆ।
“ਕਿਉਂ ਕਿ ਉਸ ਕਹਾਣੀ ਵਿਚਲੀ ਚਿੜੀ ਰਵਨੀਤ ਸੀ | ਉਸ ਕਹਾਣੀ ਵਿਚਲੀ ਚਿੜੀ ਮਨਜੋਤ ਸੀ | ਉਸ ਕਹਾਣੀ ਵਿਚਲੀ ਚਿੜੀ ਪਰਮਿੰਦਰ ਸੀ। ਇਹ ਚਿੜੀਆ ਵਿਚਾਰੀਆਂ ਕੀ ਕਰਨ ਠੰਡਾ ਪਾਣੀ ਪੀ ਮਰਨ?” ਮੈਂ ਬੇਬੇ ਵਾਂਗੂੰ ਆਪ ਹੀ ਜਵਾਬ ਦਿੱਤਾ।

Leave a Reply

Your email address will not be published. Required fields are marked *