ਕਹਾਣੀ ”ਬੂਟਾ ਸਿੰਘ ਰਫ਼ਿਊਜੀ” ਦੇ ਕੁਝ ਅੰਸ਼

1-

“ਬਸ਼ੀਰਿਆ ਜਦੋਂ ਵੀ ਅੰਬਰੋਂ ਤਾਰਾ ਟੁੱਟਦਾ ਉਦੋਂ ਖੱਪਾ ਕਿਉਂ ਨਹੀਂ ਨਜ਼ਰੀਂ ਪੈਦਾ ? ਰੋਜ ਇੱਕੋ ਸੁਖਨਾਂ ਜਿਵੇਂ ਮੈਂ ਲਹੂ ਨਾਲ ਲਿੱਬੜਿਆ ਹੋਵਾਂ, ਪੈਰਾਂ ‘ਚ ਰਿੜ੍ਹਦੇ ਸਿਰ ਤੇ ਮੈਂ ਠੁੱਡੇ ਖਾਂਦਾ ਡਿਗਦਾ ਉੱਠਦਾ| ਲਾਸ਼ਾ ਦੇ ਢੇਰ ‘ਚੋ ਆਪਣਿਆਂ ਦੀਆਂ ਲਾਸ਼ਾ ਲੱਭਦਾ ਫਿਰਦਾ। ਆਪਣਿਆਂ ਦੀਆਂ ….. ਨਈ ਮੈਂ ਤਾਂ ਦਿਲਾਵਰ ਨੂੰ ਲੱਭਦਾ…..। ਤ੍ਰਭਕ ਕੇ ਉੱਠਦਾ ਮੁੜ੍ਹਕੇ ਨਾਲ ਸਾਰਾ ਸਰੀਰ ਗੱਚ ਹੋ ਜਾਂਦਾ। ਚੀਕ ਸੰਗ ‘ਚ ਦੱਬ ਕੇ ਰਹਿ ਜਾਂਦੀ ਏ ਜਿਵੇਂ ਕਿਸੇ ਸੰਗੀਓ ਫੜਿਆ ਹੋਵੇ। ਐਸੇ ਘਰੋਂ ਬੇਘਰ ਹੋਏ ਅੱਜ ਤਾਈ ਰਫ਼ਿਊਜੀ ਆ……ਭਾਵੇਂ ਕੋਠੀਆਂ ਭਰੀਆਂ।”

2-
“ਬਸ਼ੀਰ ਪਹੀ ਦੇ ਨਾਲ ਵਾਲੇ ਕਿੱਲੇ ‘ਚ ਕਣਕ ਬਹੁਤ ਘੱਟ ਉੱਗੀ ਏ।”
“ਆਹੋ ਚਾਚਾ, ਓਸ ਕਿੱਲੇ ‘ਚ ਕੱਲਰ ਜੋ ਹੋਇਆ ।”
“ਵੇਖ ਲੈ ਬਸ਼ੀਰਿਆ ਬੀਜ ਆਪਾ ਪੂਰੇ ਕਿੱਲੇ ‘ਚ ਇੱਕ ਸਾਰ ਪਾਇਆ ।”
“ਕੱਲਰ ‘ਚ ਦਾਣੇ ਨਈ ਜੰਮਦੇ ਚਾਚਾ ।” ਗੁਰਮੁਖ ਸਿੰਘ ਹੱਸਦਿਆਂ ਆਖਦਾ ਹੈ।
“ਆਹੀਂ ਤਾਂ ਮੈਂ ਤੈਨੂੰ ਸਮਝਾਉਂਦਾ ਥੱਕ ਗਿਆ ਬਈ ਛੜੇ ਬੰਦੇ ਕੋਲ ਕੱਲਰ ਤੋਂ ਵੱਧ ਕੁਝ ਨਈ ਹੁੰਦਾ । ਕੱਲਰ ‘ਚ ਬੀਜੇ ਦਾਣੇ ਕਦੇ ਨਈ ਉੱਗਦੇ।”

3-
“ਲੈ ਵੀ ਚਾਚਾ ਰਾਤੀਂ ਤਾਂ ਡੋਲ ਟੱਪ ਹੋ ਗਈ| ਪ੍ਰਮਾਤਮਾ ਨੇ ਪਾਣੀਓ-ਪਾਣੀ ਕਰਤਾ ਸਾਰੇ ਕਿੱਲਿਆਂ ‘ਚ| ਝੋਨਾ ਮੱਛਰਿਆ ਫਿਰਦਾ।” “ਬਸ਼ੀਰਿਆ, ਮੇਰਾ ਵੀ ਮਨ ਕਰਦਾ ਸੀ ਵੀ ਜਾ ਹੀ ਆਵਾ।”
“ਕੋਈ ਨਾ ਚਾਚਾ, ਸ਼ਾਮ ਢਲੀ ਚੱਲਦੇ ਆ।”
“ਵੇ ਗੁਰਮੁਖ ਚਾਚੇ ਨੂੰ ਕਹਿ ਸ਼ਾਮ ਢਲੀ ਗੁਰਦਵਾਰੇ ਵੀ ਜਾ ਆਇਆ ਕਰੇ ਕਦੇ। ਸੋਹ ਹੀ ਪਾ ਛੱਡੀ ਏ ਕਿ ਗੁਰੂ ਘਰ ਤਾਂ ਜਾਣਾ ਹੀ ਨਹੀਂ। ਜਮੀਨ ਠੇਕੇ ਦਿੱਤੀ ਆ ਪਰ ਜਾਣਾ ਰੋਜ ਏ ਪੈਲੀਆ ‘ਚ। ਮੀਂਹ ਕਣੀ ‘ਚ ਵੀ ਟਿਕ ਕੇ ਨਹੀਂ ਬਹਿਆ ਜਾਂਦਾ।” ਬਿਸ਼ਨ ਕੌਰ ਗੁੱਸੇ ਭਰੇ ਬੋਲ ਬੋਲਦੀ ਏ ਬੂਟਾ ਸਿੰਘ ਨੂੰ ਪਰ ਬੂਟਾ ਸਿੰਘ ਅੱਗੋਂ ਹੱਸ ਛੱਡਦਾ ਤੇ ਗੁਰਮੁਖ ਸਿੰਘ ਮੋਢੇ ‘ਤੇ ਪਰਨਾ ਸੁੱਟ ਹੱਸਦਾ-ਹੱਸਦਾ ਘਰੋਂ ਬਾਹਰ ਨਿਕਲ ਜਾਂਦਾ।

4-
ਤੁਰਦੇ ਤੁਰਦੇ ਤਿੰਨੇ ਜਣੇ ਪੈਲੀ ‘ਚ ਪਹੁੰਚ ਗਏ। ਮੋਟਰ ਵਾਲੇ ਕੋਠੇ ਦੇ ਖੱਬੇ ਪਾਸੇ ਦੋ ਅਮਰੂਦ ਦੇ ਬੂਟੇ ਤੇ ਇੱਕ ਨਿੰਬੂ ਦਾ ਬੂਟਾ ਹਵਾ ਸੰਗ ਝੂਲ ਰਹੇ ਸੀ। ਬੋਰ ਦੇ ਪਾਣੀ ਦੀ ਚਬੱਚੇ ‘ਚ ਡਿੱਗਣ ਦੀ ਅਵਾਜ ਹੀ ਬੂਟਾ ਸਿੰਘ ਨੂੰ ਅਨੰਦ ਨਾਲ ਭਰ ਦਿੰਦੀ। ਪਾਣੀ ਖਾਲ ‘ਚ ਸ਼ਾਂਤ ਵਗਦਾ ਕਿਸੇ ਮੰਤਰ ਦਾ ਜਾਪ ਕਰਦਾ ਖਾਲੀ ਵਾਹਣ ਧਰਤੀ ‘ਤੇ ਵਿਛਦਾ ਜਾ ਰਿਹਾ ਸੀ। ਬੂਟਾ ਸਿੰਘ ਕਾਦਰ ਦੀ ਕੁਦਰਤ ਤੋਂ ਵਾਰੇ ਵਾਰੇ ਜਾਂਦਾ। ਉੱਡਦੇ ਪਰਿੰਦਿਆਂ ਸੰਗ ਬੂਟਾ ਸਿੰਘ ਆਪ ਉੱਡ ਰਿਹਾ ਸੀ। ਪਰਿੰਦਿਆਂ ਨੂੰ ਉਹ ਦਿਲੋਂ ਪਿਆਰ ਕਰਦਾ। ਬੂਟਾ ਸਿੰਘ ਦਾ ਦਿਲ ਕਰਦਾ ਕਿ ਪਰਿੰਦਾ ਬਣ ਉੱਡਦਾ ਉੱਡਦਾ ਹੱਦਾਂ ਸਰਹੱਦਾਂ ਤੋਂ ਪਾਰ ਆਪਣੇ ਪਿੰਡ ਪੰਜਾਸੀ ਚੱਕ ਪਹੁੰਚ ਜਾਵਾ। ਪਿੰਡ ਦੀ ਰੌਣਕ ਵਗਦੀ ਕੱਚੀ ਨਹਿਰ ਦੇ ਪਾਣੀ ‘ਚੋ ਚੁੰਝ ਭਰਾਂ ਤੇ ਇਸ ਖਾਲ ‘ਚ ਵਗਦੇ ਪਾਣੀ ‘ਚ ਰਲਾਂ ਦੇਵਾਂ। ਕਦੇ ਉਹਦਾ ਦਿਲ ਕਰਦਾ ਹਵਾ ਦਾ ਬੁੱਲਾ ਬਣ ਆਪਣੇ ਸੁਫਨਿਆਂ ਦੇ ਘਰ ਜਾ ਪਹੁੰਚੇ। ਆਪਣੀ ਪੈਲੀਆ ‘ਚ ਖੂਹ ਦੇ ਆਲੇ-ਦੁਆਲੇ ਉੱਗੇ ਰੁੱਖਾ ਦਿਆਂ ਪੱਤਿਆਂ ਨੂੰ ਜਾ ਚੁੰਮੇ। ਉਹਨਾਂ ਰੁੱਖਾ ‘ਚੋ ਇੱਕ ਰੁੱਖ ਉਹ ਵੀ ਹੈ ਜੋ ਉਸਦੇ ਬਾਪੂ ਚੇਤ ਸਿੰਘ ਤੇ ਉਸਨੇ ਰਲ ਮਿਲ ਲਾਇਆ ਸੀ।

5-
ਸੁਹਾਗ ਕਮਰਾ ਆਲੇ ‘ਚ ਰੱਖੇ ਬਲਦੇ ਦੀਵੇ ਦੀ ਮੱਧਮ ਜਿਹੀ ਲੋਅ, ਮਨ ਛੋਹਦੀ ਚੁੱਪ । ਪਲੰਘ ‘ਤੇ ਫੁੱਲ ਪੱਤੀਆਂ ‘ਚ ਲਿਪਟੀ ਵਿਛੀ ਚਾਦਰ। ਪਲੰਘ ‘ਤੇ ਫੁਲਕਾਰੀ ਦੀ ਬੁੱਕਲ ‘ਚ ਘੁੰਡ ਕੱਢੀ ਸੁੰਗੜੀ ਜਿਹੀ ਬੈਠੀ ਸੱਜ ਵਿਆਹੀ ਨਾਰ ਬੂਹੇ ਦੇ ਖੜਾਕ ਨਾਲ ਆਪਣਿਆਂ ਗੋਡਿਆ ਨੂੰ ਹਿੱਕ ਨਾਲ ਜੋੜਦੀ ਹੋਰ ਸੁੰਗੜ ਜਾਂਦੀ ਹੈ । ਬੂਟਾ ਸਿੰਘ ਧਰਤੀ ‘ਤੇ ਸੰਭਲ ਸੰਭਲ ਪੈਰ ਟਿਕਾਉਂਦਾ ਕਮਰੇ ‘ਚ ਦਾਖਲ ਹੁੰਦਾ ਹੈ । ਉਸਨੂੰ ਜਾਪਦਾ ਉਹ ਜਿਵੇਂ ਧਰਤੀ ਨੂੰ ਪੈਰ ਛੂਹਾਣ ਦੀ ਕੋਸ਼ਿਸ਼ ਕਰਦਾ ਤਾਂ ਧਰਤੀ ਨੀਵੀਂ ਹੋਰ ਨੀਵੀਂ ਹੋਈ ਜਾਂਦੀ ਏ । ਸਿਰ ਤੇ ਚੁੱਕੀ ਖੁਸ਼ੀਆਂ ਦੀ ਪੰਡ ਸਮੇਤ ਜਿਵੇਂ ਉਹ ਧਰਤੀ ਦੀ ਹਿੱਕ ‘ਚ ਸਮਾ ਚੱਲਾਂ ਹੋਵੇ । ਸੱਜ ਵਿਆਹੀ ਨਾਰ ਭੁੱਬਾਂ ਮਾਰ ਰੋ ਰਹੀ ਏ । ਬੂਟਾ ਸਿੰਘ ਨੀਂਦ ਦੀ ਬੁੱਕਲ ‘ਚੋ ਤ੍ਰਭਕ ਕੇ ਉੱਠਦਾ ਹੈ, ਤੇ ਇਸ ਦੇ ਨਾਲ ਹੀ ਟੁੱਟ ਜਾਂਦੀ ਹੈ ਸੁਫਨਿਆਂ ਦੀ ਲੜੀ।
ਮੱਥੇ ਤੋਂ ਤਰੇਲੀ ਪੂੰਝਦਾ ਸਰਦ ਹਉਕਾ ਭਰਦਾ ਆਪਣੇ ਆਪ ਨਾਲ ਹੀ ਗੱਲਾਂ ਕਰਦਾ, “ਜੱਗੋਂ ਤੇਰ੍ਹਵੀਂ ਹੀ ਹੋਈ ਸਾਡੇ ਨਾਲ। ਰੀਝਾਂ ਦੀ ਅੱਲ੍ਹੜ ਉਮਰੇ ਹੀ ਬੇਵਤਨੇ ਹੋ ਗਏ ।”

6-
“ਹੁਣ ਤਾਂ ਔਂਤਰੀ ਨੀਂਦ ਵੀ ਨਈ ਆਉਂਦੀ । ਸਾਰੀ ਰਾਤ ਪਾਸੇ ਮਾਰਦਿਆਂ ਕੱਢਣੀ ਪੈਂਦੀ ਏ । ਅੱਖ ਲੱਗ ਵੀ ਜਾਏ ਤਾਂ ਭੈੜੇ ਭੈੜੇ ਸੁਖਨੇ ਆਉਂਦੇ ਨੇ ।” ਬਿਸ਼ਨ ਕੌਰ ਹਉਕਾ ਭਰ ਆਖਦੀ ਹੈ।
“ਤੂੰ ਐਵੇਂ ਹੀ ਬਹੁਤਾ ਵਹਿਮ ਨਾ ਕਰ ।”
“ਪਰਸੋਂ ਸੁਖਨਾਂ ਆਇਆ, ਜਿਵੇਂ ਦੋ ਸਾਧ ਪਤਾ ਨਈ ਕਦੋਂ ਕੁ ਦੇ ਸਮਾਧੀ ‘ਚ ਲੀਨ ਹੋਣ । ਝੱਖੜ ਝੁੱਲਿਆ , ਮੀਂਹ ਵਰਿਆ, ਸੂਰਜ ਅੱਗ ਵਰਸਾਈਂ ਸਭ ਤੋਂ ਬੇਖਬਰ ਚੌਂਕੜੀ ਮਾਰੀ ਬੈਠੇ ਰਹੇ । ਮੇਰੇ ਆਲੇ-ਦੁਆਲੇ ਜੰਗਲ ਹੀ ਜੰਗਲ ਹੈ । ਫੁੱਲ .ਪੱਤਿਆਂ ਤੋਂ ਸੱਖਣੇ ਰੁੱਖ । ਰੁੱਖਾ ਦੀਆਂ ਟਹਿਣੀਆ ‘ਤੇ ਕੁੰਡਲੀਆ ਮਾਰੀ ਲਟਕਦੇ ਸੱਪ….। ਮੇਰੀ ਅੱਖ ਖੁੱਲ੍ਹ ਗਈ । ਸਾਰੀ ਰਾਤ ਨੀਂਦ ਨਾਂਹ ਆਈ । ਸੋਚਦੀ ਰਹੀ, ਇਹ ਕੇਹੀ ਦੁਨੀਆਂ ਸੀ ? ਮੈਂ ਕਿੱਥੇ ਸਾਂ ? ਉਹ ਦੋ ਸਾਧ ਕੋਣ ਸਨ ਸਮਾਧੀ ‘ਚ ਲੀਨ ?”
“ਬਿਸ਼ਨ ਕੌਰੇ ਸੁਖਨੇ ਹਵਾ ਵਰਗੇ ਹੁੰਦੇ ਨੇ ਫੜੇ ਨਈ ਜਾਂਦੇ । ਤੂੰ ਫਿਕਰ ਨਾਂਹ ਕਰਿਆ ਕਰ ।”

7-
ਕੀ ਕਸੂਰ ਸੀ ਬਸ਼ੀਰ ਦਾ ਜੋ ਉਸਨੂੰ ਬਸ਼ੀਰ ਤੋਂ ਗੁਰਮੁਖ ਸਿੰਘ ਬਣਨਾ ਪਿਆ ? ਕਿੰਨਾ ਬੇਵੱਸ ਲਾਚਾਰ ਸੀ ਨਿੱਕਾ ਜਿਹਾ ਰੱਬ ਡਰਿਆ ਡਰਿਆ। ਉਹਦੀ ਬਾਂਹ ‘ਤੇ ਲਿਖਿਆ ਬਸ਼ੀਰ ਹੀ ਉਹਦੀ ਪਛਾਣ ਸੀ। ਸ਼ੈਤਾਨ ਬਣਨਾ ਕਿੰਨਾ ਸੌਖਾ ਤੇ ਇੱਕ ਨੇਕ ਇਨਸਾਨ….ਨੇਕ ਇਨਸਾਨ ਤਾਂ ਰੱਬ ਤੋਂ ਵੀ ਉੱਚਾ ਬੂਟਾ ਸਿਹਾ ਸਿਰਫ ਇਨਸਾਨ ਬਣਨਾ ਹੀ ਬਹੁਤ ਔਖਾ….। ਲੋਕਾਂ ਦੀ ਭੀੜ ‘ਚ ਵੀ ਉਹ ਕੱਲਮ-ਕੱਲਾ ਸੀ, ਭੀੜ ਧੱਕਮ-ਧੱਕਾ ਤੇ ਉਹ ਇੱਕੋ ਥਾਵੇਂ ਖੜਿਆ ਰੋਂਦਾ ਕਿਸੇ ਨਾ ਤੱਕਿਆ । ਮੈਂ ਉਹਨੁੰ ਘੁੱਟ ਸੀਨੇ ਲਾ  ਲਹਿਆਂ। ਮੇਰੇ ਗਲ ਲੱਗ ਐਨਾ ਰੋਇਆ ਕਿ ਸਾਹ ਨਾਲ ਸਾਹ ਨਈ ਸੀ ਰਲਦਾ ਪਾਕ ਸ਼ਬਦ ਅੰਮੀ ਵੀ ਸਿਸਕੀਆਂ ‘ਚ ਦੱਬ ਸਿਸਕੀ ਬਣ ਜਾਂਦਾ। ਉਸ ਦੇ ਆਪਣੇ ਉਸ ਤੋ ਵਿੱਛੜ ਗਏ ਜਾਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਬਸ਼ੀਰ ਨੇ ਅੱਜ ਤੀਕ ਨਈ ਦੱਸਿਆ । ਉਹ ਮੇਰਾ ਪੁੱਤਰ ਓਸ ਵੇਲੇ ਹੀ ਬਣ ਗਿਆ ਜਿਸ ਵੇਲੇ ਮੈਂ ਆਪਣੀ ਪੱਗ ਉਹਦੇ ਸਿਰ ਬੰਨ੍ਹ ਦਿੱਤੀ ਤੇ ਪੱਗ ਦੀ ਕੰਨੀ ਪਾੜ ਬਾਂਹ ‘ਤੇ ਬੰਨ੍ਹ ਦਿੱਤੀ ਬਸ਼ੀਰ ਨੂੰ ਧਰਮੀ ਬੰਦਿਆ ਤੋਂ ਲੁਕਾਉਣ ਲਈ।
8-
ਅਸੀਂ ਪੰਜਾਬੀਆ ਕੀ ਵੰਡਿਆ ? ਧਰਤ ਮਾਂ ਪਾਣੀ ਪਿਤਾ ! ਅਸੀਂ ਅਣਖ ਵਾਲੇ ਪੰਜਾਬੀ ਕਿਉਂ ਨਾਂਹ ਧਰਤ ਮਾਂ ਪੰਜਾਬ ਦੀ ਲਾਜ ਰੱਖ ਸਕੇ ? ਅਸੀਂ ਉਦੋਂ ਪੰਜਾਬੀ ਕਿੱਥੇ ਸਾਂ ,ਅਸੀਂ ਤਾਂ ਧਰਮਾਂ ਦੇ ਨਕਾਬ ਲਾਂ ਇੱਕ-ਦੂਜੇ ਦੀ ਪਛਾਣ ਹੀ ਭੁੱਲ ਗਏ ।

9-
“ਸਾਰੇ ਜੀਅ ਜੰਤ ਜਿੰਦਗੀ ਦੇ ਰਥ ‘ਤੇ ਸਵਾਰ ਨੇ। ਜਿੰਦਗੀ ਦਾ ਰਥ ਜੋ ਕਦੇ ਰੁਕਦਾ ਨਹੀਂ, ਮੁਸਾਫਰ ਚੜ੍ਹਦੇ ਉੱਤਰਦੇ ਰਹਿੰਦੇ ਹਨ। ਜਿੰਦਗੀ ਦਾ ਰਥ ਸਮੇਂ ਦੇ ਚੱਕੇ….। ਬਸ਼ੀਰਿਆ ਕਿੱਥੋਂ ਤੁਰੇ ਹਾਂ ਕਿੱਥੇ ਪਹੁੰਚਣਾ ਕੋਈ ਨਈ ਜਾਣਦਾ। ਤੂੰ ਕੋਣ ਏ ? ਮੈਂ ਕੋਣ ਹਾਂ? ਕਿੱਥੋਂ ਆਏ ? ਕਿੱਥੇ ਜਾਣਾ ? ਆਪਾ ਸਾਰੇ ਕਿਸੇ ਆਦਮ ਦੇ ਜਾਏ। ਫਿਰ ਆ ਹਿੰਦੂ, ਮੁਸਲਮਾਨ, ਸਿੱਖ ਏ ਕੋਣ ਨੇ ?”
ਗੁਰਮੁਖ ਸਿੰਘ ਬੜੇ ਧਿਆਨ ਨਾਲ ਬੂਟਾ ਸਿੰਘ ਦੀਆਂ ਗੱਲਾਂ ਸੂਣ ਰਿਹਾ।
ਉਹ ਮਨ ਹੀ ਮਨ ਸੋਚਦਾ ਹੈ – “ਚਾਚਾ ਸੌਂਫੀ ਤਾਂ ਇਹੋ ਜਿਹੀਆਂ ਗੱਲਾਂ ਕਰਦਾ ਨਈ। ਅੱਜ ਚਾਚੇ ਨੂੰ ਕੀ ਹੋਇਆ ?”
“ਬਸ਼ੀਰਿਆ ।”
“ਹੂੰ…।” ਗੁਰਮੁਖ ਸਿੰਘ ਦੀ ਸੁਰਤੀ ਟੁੱਟਦੀ ਹੈ।
“ਇੱਕ ਗੱਲ ਦੱਸ, ਹਿੰਦੋਸਤਾਨ ਪਾਕਿਸਤਾਨ ਕਿਉਂ ਏ ਭਲਾ ? ਦੋ ਪੰਜਾਬ ਕਿਉਂ ਨੇ ਪੰਜ -ਆਬ ਤਾਂ ਵੰਡੇ ਗਏ ? ਦੋਵੇਂ ਦੇਸਾਂ ਦੇ ਪੰਜਾਬੀ ਅਜੇ ਤੀਕ ਵੀ ਰਫ਼ਿਊਜੀ ਮੁਹਾਜਿਰ ਕਿਉਂ ਨੇ ? ਬਸ਼ੀਰਿਆ ਅਗਲੀ ਦੁਨੀਆਂ ਪਤਾ ਨਈ ਕਿਹੋ ਜਿਹੀ ਏ ? ਦਿਲਾਵਰ ਯਾਦ ਆਉਂਦਾ ਤਾਂ ਯਾਦ ਆਉਂਦਾ ਚੱਕ ਪੰਜਾਸੀ ਸਰਗੋਧਾ , ਸੁਖ਼ਨਾਂ ਹੀ ਹੋ ਗਿਆ ਚੱਕ ਪੰਜਾਸੀ ਜੰਮਣ ਭੋਇ…।” ਬੂਟਾ ਸਿੰਘ ਆਖਦਾ ਆਖਦਾ ਚੁੱਪ ਕਰ ਜਾਂਦਾ ਹੈ।

10-
“ਬਸ਼ੀਰ ਸਰੀਰ ਦਾ ਕਰੜਾ ਹੱਡ ਵਾਹੁੰਦਾ ਰਹਿੰਦਾ, ਪਰ ਕਿੰਨਾ
ਚਿਰ ? ਬਸ਼ੀਰ ਦੀ ਚਿੱਟੀ ਦਾੜ੍ਹੀ ਵੇਖ ਮੈਂ ਡਰ ਜਾਨਾਂ। ਕੀ ਬਸ਼ੀਰ ਵੀ ਬੀਮਾਰ ਹੋ ਮੰਜੀ ਫੜ੍ਹ ਲਏਗਾ ਬਿਸ਼ਨ ਕੌਰ ਵਾਂਗ? ਕੋਣ ਸਾਂਭੇਗਾ ਇਹਨੂੰ? ਪਤਾ ਨਈ ਓਸ ਵੇਲੇ ਮੈਂ ਆਪਣੇ ਬਸ਼ੀਰ ਕੋਲ ਹੋਵਾਂਗਾ ਜਾਂ ਨਈ! ਬਸ਼ੀਰ ਨੂੰ ਆਸਰਾ ਦੇਣਾ ਕੀ ਸੱਚਮੁਚ ਬਹੁਤ ਵੱਡਾ ਗੁਨਾਹ ਸੀ, ਕੀ ਮੈਂ ਪਾਪੀ ਆ, ਅਧਰਮੀ ਆ? ਕੋਣ ਆ ਮੈਂ? ਕਦੇ ਕਦੇ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ, ਮੈਂ ਜੋ ਹੈ ਵਾਂ ਉਹ ਕਿਉਂ ਆ।
ਮੈਂ ਖੋਰੇ ਕਿੰਨੇ ਸਾਲਾ ਮਗਰੋਂ ਗੁਰੂ ਘਰ ਗਿਆ। ਬਾਬੇ ਨਾਨਕ ਤੋਂ ਮੰਗਿਆ ਤਾਂ ਮੰਗਿਆ ਵੀ ਕਈ ਮੋਤ…… ਬਸ਼ੀਰ ਲਈ ਉਹ ਵੀ ਆਪਣੇ ਤੋਂ ਪਹਿਲਾ। ਮੇਰੀਆਂ ਅੱਖਾਂ ਸਾਹਵੇਂ ਮੇਰੇ ਹੱਥਾ ‘ਚ ਜਾਨ ਨਿਕਲੇ ਬਸ਼ੀਰ ਦੀ। ਇਹ ਮੰਗਦਿਆਂ ਅਰਦਾਸ ‘ਚ ਜੁੜੇ ਹੱਥ ਤੇ ਮੇਰੀ ਪੂਰੀ ਦੇਹ ਕੰਬਣ ਲੱਗ ਪਈ ਸੀ।” ਬੂਟਾ ਸਿੰਘ ਮੰਜੀ ‘ਤੇ ਬੈਠਾ ਹੀਅ ਨੂੰ ਦੋਵਾਂ ਹੱਥ ‘ਚ ਘੁੱਟ ਆਖਦਾ ਹੈ, “ਰੱਬ ਕਰੇ ਬਿਸ਼ਨ ਕੌਰ, ਬਸ਼ੀਰ ਤੇ ਮੈਂ ਕੱਠੇ ਹੀ ਮਰ ਜਾਈਏ ਇੱਕੋ ਘੜੀ ਇੱਕੋ ਦਿਨ।”

11-
ਆਪਣੇ ਪਿੰਡ ਪੰਜਾਸੀ ਚੱਕ (ਸਰਗੋਧਾ) ਨੂੰ, ਜੰਮਣ ਭੋਏ ਵਤਨ ਦੀ ਮਿੱਟੀ ਨੂੰ ਤਰਸਦਾ ਰੱਬ ਤੋਂ ਉੱਚੀ ਤਾਂਘ ਆਪਣੇ ਦਿਲ ‘ਚ ਲੈ ਬੂਟਾ ਸਿੰਘ ਰਫ਼ਿਊਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤੇ ਗੁਰਮੁਖ ਸਿੰਘ ਗੁੰਮ-ਸੁੰਮ ਜਿਹਾ ਬਲਦੀਆਂ ਚਿਖਾਵਾਂ ਨੂੰ ਵੇਖ ਰਿਹਾ। ਗੁਰਮੁਖ ਸਿੰਘ ਅੰਦਰੋ ਭੁੱਬ ਮਾਰ ਦਬੀ ਅਵਾਜ ‘ਚ ਆਖਦਾ, “ਚਾਚਾ ਤੇਰਾ ਬਸ਼ੀਰ ਵੀ ਮਰ ਗਿਆ ਅੱਜ ਤੇਰੇ ਨਾਲ ਹੀ…. ਤੇਰੇ ਬਿਨਾ ਕਿਸੇ ਨਈ ਬਸ਼ੀਰ ਕਹਿ ਵਾਜ ਮਾਰਨੀ।”

Leave a Reply

Your email address will not be published. Required fields are marked *