ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ ।
ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,"ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ ਕੁਦਰਤ ਨਾਲ ਕੋਈ ਸ਼ਿਕਵਾ ।”

ਸਰ੍ਹੋਂ ਦੇ ਖੇਤ ਸੱਜ ਸਵਰ ਗਏ ਨੇ। 'ਕੱਲੇ 'ਕੱਲੇ ਸਰ੍ਹੋਂ ਦੇ ਬੂਟੇ ਨੇ ਮੱਥੇ ਫੁੱਲ ਸਜਾ ਲਏ ਨੇ । ਰੇਤ ‘ਚ ਦੱਬੇ ਛੋਲਿਆਂ ਦੇ ਬੀਆਂ ਨੇ ਵੀ ਹਰੇ ਭਰੇ ਬੂਟਿਆਂ ਦਾ ਰੂਪ ਧਾਰ ਸਿਰ ‘ਤੇ ਫੁੱਲਾਂ ਦਾ ਤਾਜ ਸਜਾ ਲਿਆ। ਬੱਸ ਇੱਕ ਮੀਂਹ ਤੇ ਫੇਰ ਅਨੰਦ ਹੀ ਅਨੰਦ , ਸਿਖਰਲਾ ਅਨੰਦ । ਕਿਰਸਾਣ ਦੀ ਮਿਹਨਤ ਤੇ ਸਬਰ ਨੂੰ ਮੇਰਾ ਸਜਦਾ।

ਆਪਣੇ ਘਰ ਸੁੱਖਾਂ ਦੀ ਕੁੱਲੀ ਵੱਲ ਵਾਪਸ ਪਰਤ ਰਿਹਾ ਰੇਲ ਗੱਡੀ ‘ਚ। ਪਰ ਅਜੇ ਵੀ ਰੇਤ ਦੇ ਟਿੱਬੇ, ਕਰੀਰ, ਝਾੜੀਆਂ ਜਿਵੇਂ ਮੇਰੇ ਨਾਲ ਨਾਲ ਤੁਰ ਰਹੇ ਹੋਣ। ਗੱਡੀ ਦੇ ਨਾਲ ਨਾਲ ਭੱਜ ਰਹੇ ਹੋਣ। ਰੇਲ ਗੱਡੀ ਤੋਂ ਬਾਹਰ ਵੇਖ ਮੈਂ ਤਾਂ ਇੰਝ ਹੀ ਮਹਿਸੂਸ ਕਰ ਰਿਹਾ ਸੀ । ਮੇਰੇ ਆਪਣੇ ਦਿਲੋਂ ਮੇਰੇ ਆਪਣੇ ਆਪ ਲਈ ਇਹੀ ਅਸੀਸ, ‘ ਪੈਰਾਂ ਨੂੰ ਨਵੇਂ ਨਵੇਂ ਸਫਰ ਮੁਬਾਰਕ ਹੋਣ।"

ਰੇਤ ਦੇ ਟਿੱਬੇ
ਅੱਕ ਕਰੀਰ ਵਣ
ਤੁਰਨ ਨਾਲ !

 

Leave a Reply

Your email address will not be published. Required fields are marked *